ਨਿਯਮਾਂ ਮੁਤਾਬਿਕ ਰਿਕਾਰਡ ਮੁਕੰਮਲ ਰੱਖਣ ਦੀ ਹਦਾਇਤ
ਕਿਹਾ! ਬਜ਼ੁਰਗ ਸਾਡੇ ਸਮਾਜ ਦਾ ਅਣਮੁੱਲਾ ਸਰਮਾਇਆ, ਸਾਂਭਣਾ ਅਤਿ ਜਰੂਰੀ
ਮੋਗਾ/ਪਿੰਡ ਲੋਪੋਂ, 12 ਜੁਲਾਈ
(ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੱਧੂ)
ਸ਼ਹਿਰ ਮੋਗਾ ਅਤੇ ਪਿੰਡ ਲੋਪੋਂ ਵਿਖੇ ਚਲਾਏ ਜਾ ਰਹੇ ਨਿੱਜ਼ੀ ਬਿਰਧ ਆਸ਼ਰਮਾਂ ਦਾ ਅੱਜ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਅਚਨਚੇਤ ਨਿਰੀਖਣ ਕੀਤਾ। ਇਸ ਮੌਕੇ ਉਹਨਾਂ ਨਾਲ ਸ਼੍ਰੀਮਤੀ ਕਿਰਤਪ੍ਰੀਤ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਅਤੇ ਹੋਰ ਵੀ ਹਾਜ਼ਰ ਸਨ।
ਸ਼ਹਿਰ ਮੋਗਾ ਦੇ ਕਲੇਰ ਨਗਰ ਸਥਿਤ ਬਾਬਾ ਬੁੱਢਾ ਜੀ ਬਿਰਧ ਘਰ ਅਤੇ ਪਿੰਡ ਲੋਪੋਂ ਸਥਿਤ ਸੰਤ ਬਾਬਾ ਜਮੀਤ ਸਿੰਘ ਜੀ ਚੈਰੀਟੇਬਲ ਟਰੱਸਟ ਵੱਲੋਂ ਚਲਾਏ ਜਾ ਰਹੇ ਬਿਰਧ ਘਰ ਦਾ ਦੌਰਾ ਕਰਨ ਉੱਤੇ ਡਿਪਟੀ ਕਮਿਸ਼ਨਰ ਨੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਬਿਰਧ ਘਰਾਂ ਵਿੱਚ ਬਜ਼ੁਰਗਾਂ ਦੀ ਸੁਰੱਖਿਆ ਅਤੇ ਹਿਫ਼ਾਜ਼ਤ ਲਈ ਸੀ ਸੀ ਟੀ ਵੀ ਕੈਮਰੇ ਅਤੇ ਪੁਖ਼ਤਾ ਸੁਰੱਖਿਆ ਹੋਣੀ ਲਾਜ਼ਮੀ ਹੈ। ਅੱਗ ਬੁਝਾਊ ਯੰਤਰ ਦਾ ਹੋਣਾ ਵੀ ਲਾਜ਼ਮੀ ਹੈ।
ਉਹਨਾਂ ਕਿਹਾ ਕਿ ਬਜ਼ੁਰਗਾਂ ਦਾ ਆਲਾ ਦੁਆਲਾ ਬਿਲਕੁਲ ਸਾਫ਼ ਸੁਥਰਾ ਅਤੇ ਆਰਾਮਦਾਇਕ ਹੋਣਾ ਚਾਹੀਦਾ ਹੈ। ਦੇਖਣ ਵਿੱਚ ਆਇਆ ਕਿ ਬਿਰਧ ਘਰ ਪ੍ਰਬੰਧਕਾਂ ਵੱਲੋਂ ਰਿਕਾਰਡ ਨੂੰ ਮੁਕੰਮਲ ਤਰੀਕੇ ਨਾਲ ਨਹੀਂ ਮੈਂਟੇਨ ਕੀਤਾ ਜਾ ਰਿਹਾ। ਜਿਸ ਉੱਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਿਕਾਰਡ ਰੱਖਣ ਵਿੱਚ ਕੋਈ ਕੁਤਾਹੀ ਨਾ ਕੀਤੀ ਜਾਵੇ। ਉਣਤਾਈਆਂ ਸਾਹਮਣੇ ਆਉਣ ਉੱਤੇ ਕਲੇਰ ਨਗਰ ਸਥਿਤ ਬਾਬਾ ਬੁੱਢਾ ਜੀ ਬਿਰਧ ਘਰ ਦਾ ਰਿਕਾਰਡ ਵੀ ਜ਼ਬਤ ਕੀਤਾ ਗਿਆ। ਹਦਾਇਤ ਕੀਤੀ ਗਈ ਕਿ ਮਿਲੀਆਂ ਗ੍ਰਾਂਟਾਂ ਦਾ ਵੇਰਵਾ ਅਤੇ ਖਰਚੇ ਦੇ ਪਰੂਫ ਚਾਰਟਡ ਅਕਾਊਂਟੈਂਟ ਤੋਂ ਵੈਰੀਫਕੇਸ਼ਨ ਕਰਵਾ ਕੇ ਭੇਜੇ ਜਾਣ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਇਹ ਰਿਕਾਰਡ ਚੰਗੀ ਤਰ੍ਹਾਂ ਚੈੱਕ ਕਰਨ ਦੀ ਹਦਾਇਤ ਕੀਤੀ। ਪ੍ਰਬੰਧਕਾਂ ਨੂੰ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਅਣਮੁੱਲਾ ਸਰਮਾਇਆ ਹਨ ਜਿਹਨਾਂ ਨੂੰ ਸਾਂਭਣਾ ਅਤਿ ਜਰੂਰੀ ਹੈ। ਉਹਨਾਂ ਪਰਿਵਾਰਾਂ ਨੂੰ ਭਾਵੁਕ ਅਪੀਲ ਕੀਤੀ ਕਿ ਉਹ ਆਪਣੇ ਬਜ਼ੁਰਗਾਂ ਨੂੰ ਇਸ ਤਰ੍ਹਾਂ ਬਿਰਧ ਘਰਾਂ ਵਿੱਚ ਨਾ ਛੱਡ ਕੇ ਉਹਨਾਂ ਦੀ ਖੁਦ ਸੇਵਾ ਕਰਨ। ਮਾਪਿਆਂ ਦੀ ਕੀਤੀ ਸੇਵਾ ਤੋਂ ਵੱਡਾ ਕੋਈ ਵੀ ਫ਼ਲ੍ਹ ਨਹੀਂ ਹੁੰਦਾ। ਉਹਨਾਂ ਕਿਹਾ ਕਿ ਅਜਿਹੀਆਂ ਅਚਨਚੇਤ ਚੈਕਿੰਗਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।