ਮੋਗਾ, 25 ਮਈ ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪਿੰਡ ਕੋਕਰੀ ਵਹਿਨੀਵਾਲ ਵਿਖੇ ਮਿਤੀ 24 ਮਈ, 2021 ਦੇਰ ਰਾਤ ਇੱਕ ਕੋਵਿਡ ਦੇ ਮਰੀਜ਼ ਸ੍ਰੀ ਅਜਮੇਰ ਸਿੰਘ ਸਪੁੱਤਰ ਬਚਨ ਸਿੰਘ ਨੂੰ ਸਿੱਧੂ ਹਸਪਤਾਲ ਮੋਗਾ ਤੋਂ ਡਿਸਚਾਰਜ ਕਰਨ ਉਪਰੰਤ ਉਨਾਂ ਦੇ ਘਰ ਵਿੱਚ ਛੱਡਿਆ ਗਿਆ, ਜਿੱਥੇ ਕਿ ਆਕਸੀਜਨ ਸਿਲੰਡਰ ਫਟਣ ਕਾਰਣ ਉਸਨੂੰ ਛੱਡਣ ਆਈ ਐਂਬੂਲੈਂਸ ਦੇ ਡਰਾਈਵਰ ਸ੍ਰੀ ਸਤਨਾਮ ਸਿੰਘ ਸਪੁੱਤਰ ਅਵਤਾਰ ਸਿੰਘ ਵਾਸੀ ਮੋਗਾ ਦੀ ਮੌਤ ਹੋ ਗਈ ਹੈ ਅਤੇ ਇਸ ਹਾਦਸੇ ਵਿੱਚ ਪਰਿਵਾਰ ਦੇ ਕੁਝ ਮੈਂਬਰ ਵੀ ਜ਼ਖਮੀ ਹੋਏ ਹਨ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਹ ਬੜੀ ਦੁਖਦਾਇਕ ਘਟਨਾ ਹੈ ਜਿਸ ਵਿੱਚ ਐਂਬੂਲੈਂਸ ਚਾਲਕ ਸ੍ਰੀ ਸਤਨਾਮ ਸਿੰਘ ਦੀ ਬੇਵਕਤੀ ਮੌਤ ਹੋ ਗਈ। ਉਨਾਂ ਅੱਗੇ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਮੋਗਾ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਉਪ ਮੰਡਲ ਮੈਜਿਸਟ੍ਰੇਟ ਨਿਹਾਲ ਸਿੰਘ ਵਾਲਾ ਸ੍ਰੀ ਰਾਮ ਸਿੰਘ ਨੂੰ ਇਸ ਘਟਨਾ ਦੀ ਜਾਂਚ ਕਰਕੇ ਜਲਦੀ ਤੋਂ ਜਲਦੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਘਰਾਂ ਜਾਂ ਅਦਾਰਿਆਂ ਵਿੱਚ ਪਏ ਆਕਸੀਜਨ ਸਿਲੰਡਰਾਂ ਨੂੰ ਆਪਣੇ ਨੇੜਲ ਸਿਹਤ ਕੇਂਦਰ ਵਿਖੇ ਜਮਾਂ ਕਰਵਾਉਣ ਦੇ ਆਦੇਸ਼ ਮਿਤੀ 29 ਅਪ੍ਰੈਲ 2021 ਰਾਹੀਂ ਜਾਰੀ ਕੀਤੇ ਜਾ ਚੁੱਕੇ ਹਨ। ਉਨਾਂ ਜ਼ਿਲਾ ਵਾਸੀਆਂ ਨੂੰ ਦੁਬਾਰਾ ਅਪੀਲ ਕੀਤੀ ਕਿ ਜੇਕਰ ਕਿਸੇ ਪਾਸ ਆਕਸੀਜਨ ਸਿਲੰਡਰ ਮੌਜੁੂਦ ਹਨ ਤਾਂ ਉਹ ਆਪਣੇ ਨਜ਼ਦੀਕੀ ਸਿਹਤ ਕੇਂਦਰ ਵਿੱਚ ਤੁਰੰਤ ਜਮਾਂ ਕਰਵਾ ਦੇਣ।