• Sun. Nov 24th, 2024

ਜੇਕਰ ਮਾਸਕ ਨਾ ਪਾਇਆ ਤਾਂ ਹੋਵੇਗੀ ਸਖਤ ਕਾਰਵਾਈ

ByJagraj Gill

Apr 17, 2020

ਚੰਡੀਗੜ੍ਹ, 17 ਅਪਰੈਲ  (ਬਿਓਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਜਨਤਕ ਤੌਰ ’ਤੇ ਮਾਸਕ ਦੀ ਵਰਤੋਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਅਤੇ ਨਾਲ ਹੀ ਪੁਲਿਸ ਨੂੰ ਕਿਹਾ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਚਲਾਨ ਕੱਟੇ ਜਾਣ।

ਸੂਬੇ ਵਿੱਚ ਕੋਵਿਡ-19 ਦੀ ਸਥਿਤੀ ਬਾਰੇ ਸਮੀਖਿਆ ਕਰਨ ਲਈ ਸੱਦੀ ਗਈ ਵੀਡਿਓ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਖਤਰਨਾਕ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੋਈ ਵੀ ਨਾਗਰਿਕ ਘਰ ਤੋਂ ਬਾਹਰ ਨਿਕਲਣ ਲੱਗਿਆ ਮਾਸਕ ਦੀ ਵਰਤੋਂ ਜ਼ਰੂਰ ਕਰੇ ਅਤੇ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਜਿਹੜੇ ਵਿਅਕਤੀ ਜਨਤਕ ਸਥਾਨਾਂ ਉਤੇ ਬਿਨਾਂ ਮਾਸਕ (ਚਾਹੇ ਘਰ ਬਣਾਇਆ ਹੋਵੇ ਜਾਂ ਹੋਰ ਹੋਵੇ) ਤੋਂ ਬਿਨਾਂ ਦੇਖਿਆ ਜਾਵੇ, ਉਸ ਦਾ ਮਹਾਮਾਰੀ ਕਾਨੂੰਨ ਦੀ ਧਾਰਾਵਾਂ ਅਨੁਸਾਰ ਚਲਾਨ ਕੱਟਿਆ ਜਾਵੇ। ਉਨ੍ਹਾਂ ਜਨਤਕ ਤੌਰ ’ਤੇ ਮਾਸਕ ਪਹਿਣਨ ਦੇ ਹੁਕਮਾਂ ਦੀ 100 ਫੀਸਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ।

ਇਕ ਕਾਨੂੰਗੋ ਦੀ ਹੋਈ ਮੌਤ ਦੀ ਰੌਸ਼ਨੀ ਵਿੱਚ ਮੁੱਖ ਮੰਤਰੀ ਨੇ ਕੋਵਿਡ-19 ਖਿਲਾਫ ਮੂਹਰਲੀ ਕਤਾਰ ਵਿੱਚ ਡਟੇ ਮੁਲਾਜ਼ਮਾਂ ਜਿਨ੍ਹਾਂ ਵਿੱਚ ਸਿਹਤ, ਖੇਤੀਬਾੜੀ, ਪੁਲਿਸ ਤੇ ਮਾਲ ਵਿਭਾਗ ਦਾ ਸਟਾਫ ਸ਼ਾਮਲ ਹੈ, ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਸਖਤ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪੀ.ਪੀ.ਈ. ਕਿੱਟਾਂ ਮੁਹੱਈਆ ਕਰਵਾਉਣ ਦੇ ਨਾਲ ਹੋਰ ਜ਼ਰੂਰੀ ਇਹਤਿਆਤੀ ਕਦਮ ਵੀ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਸੂਬੇ ਦੀ ਮਾਹਿਰ ਮੈਡੀਕਲ ਕਮੇਟੀ ਵੱਲੋਂ ਵਰਕਰਾਂ ਦੀ ਸੁਰੱਖਿਆ ਲਈ ਜਾਰੀ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।

ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਜੋ ਕੋਵਿਡ-19 ਨਾਲ ਸਬੰਧਤ ਖਰੀਦ ਲਈ ਬਣਾਈ ਕਮੇਟੀ ਦੀ ਮੁਖੀ ਵੀ ਹੈ, ਨੇ ਵੀਡਿਓ ਕਾਨਫਰੰਸਿੰਗ ਵਿੱਚ ਦੱਸਿਆ ਕਿ ਸੂਬੇ ਵਿੱਚ ਅਜਿਹੇ ਉਪਕਰਨਾਂ ਦੀ ਕੋਈ ਕਮੀ ਨਹੀਂ ਹੈ ਅਤੇ ਫਰੰਟਲਾਈਨ ’ਤੇ ਕੰਮ ਕਰ ਰਹੇ ਸਾਰੇ ਸਰਕਾਰੀ ਕਰਮੀਆਂ ਤੇ ਸਟਾਫ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ 4.5 ਲੱਖ ਪੀ.ਪੀ.ਈ. ਕਿੱਟਾਂ ਦਾ ਆਰਡਰ ਦੇ ਦਿੱਤਾ ਹੈ ਜਿਨ੍ਹਾਂ ਵਿੱਚੋਂ 26,500 ਮਿਲ ਗਈਆਂ ਹਨ ਅਤੇ 30,000 ਹੋਰ ਦੀ ਹੁਣ ਜਾਂ ਅਗਲੇ ਹਫਤੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਾਸਕ ਤੇ ਦਸਤਾਨਿਆਂ ਦਾ ਤਸੱਲੀਬਖ਼ਸ਼ ਸਟਾਕ ਪਿਆ ਹੈ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਅਤੇ ਸਰਕਾਰ ਦੀ ਪਹਿਲ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਚਾਉਣ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਜਾਰੀ ਰਹੇਗੀ। ਉਨ੍ਹਾਂ ਕਿਹਾ, ‘‘ਮੈਂ ਮੁੜ ਤੋਂ ਫੈਕਟਰੀ ਸ਼ੁਰੂ ਕਰ ਸਕਦਾ ਹਾਂ ਪਰ ਕਿਸੇ ਪੰਜਾਬੀ ਨੂੰ ਵਾਪਸ ਨਹੀਂ ਲਿਆ ਸਕਦਾ।’’

ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਨਿਰੇਦਸ਼ ਦਿੱਤੇ ਕਿ ਉਹ ਸੂਬੇ ਦੇ ਸਾਰੇ ਸੀਮਿਤ ਕੀਤੇ 24 ਜ਼ੋਨਾਂ ਵਿੱਚ ਰੈਪਿਡ ਟੈਸਟਿੰਗ ਦੀ ਮੁਹਿੰਮ ਵਿੱਢਣ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪੰਜਾਬ ਦੇ ਚਾਰ ਜ਼ਿਲੇ (ਜਲੰਧਰ, ਪਠਾਨਕੋਟ, ਨਵਾਂਸ਼ਹਿਰ ਤੇ ਐਸ.ਏ.ਐਸ.ਨਗਰ) ਹੌਟਸਪੌਟ ਜ਼ਿਲੇ ਐਲਾਨੇ ਗਏ ਹਨ। ਸੂਬਾ ਹੁਣ ਤੱਕ ਇਹ ਟੈਸਟ ਜਲੰਧਰ ਤੇ ਐਸ.ਏ.ਐਸ. ਨਗਰ ਵਿੱਚ ਸ਼ੁਰੂ ਕਰ ਚੁੱਕਾ ਹੈ।

ਸਿਹਤ ਸਕੱਤਰ ਅਨੁਰਾਗ ਅੱਗਰਵਾਲ ਨੇ ਦੱਸਿਆ ਕਿ ਰੋਕਥਾਮ ਦੀ ਰਣਨੀਤੀ ਦੇ ਹਿੱਸੇ ਵਜੋਂ ਵਿਭਾਗ ਨੇ ਕੋਵਾ ਐਪ ’ਤੇ ਸੂਬੇ ਵਿੱਚ ਸੀਮਿਤ ਕੀਤੇ 24 ਜ਼ੋਨਾਂ ਬਾਰੇ ਜਾਣਕਾਰੀ ਅਪਲੋਡ ਕਰ ਦਿੱਤੀ ਹੈ ਅਤੇ ਇਨ੍ਹਾਂ ਖੇਤਰਾਂ ਵਿੱਚ ਕੋਈ ਸੇਵਾਵਾਂ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੈਂਟੀਲੇਟਰਾਂ ਦੀ ਗਿਣਤੀ 102 ਤੋਂ ਵਧਾ ਕੇ 220 ਕਰ ਦਿੱਤੀ ਗਈ ਹੈ।
ਵੀਡੀਓ ਕਾਨਫਰੰਸਿੰਗ ਦੌਰਾਨ ਵਿਨੀ ਮਹਾਜਨ ਨੇ ਦੱਸਿਆ ਕਿ ਆਰਡਰ ਕੀਤੀਆਂ ਤੇਜ਼ੀ ਨਾਲ ਜਾਂਚ ਕਰਨ ਵਾਲੀਆਂ 1,01,000 ਕਿੱਟਾਂ (ਰੈਪਿਡ ਡਾਇਗਨੌਸਟਿਕ ਕਿੱਟਾਂ) ਵਿੱਚੋਂ ਆਈ.ਸੀ.ਐਮ.ਆਰ. ਤੋਂ ਪਹਿਲਾਂ 1000 ਕਿੱਟਾਂ ਪ੍ਰਾਪਤ ਹੋਈਆਂ ਸਨ ਅਤੇ ਅੱਜ 10,000 ਹੋਰ ਕਿੱਟਾਂ ਪ੍ਰਾਪਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ 18 ਅਪਰੈਲ ਤੋਂ ਪ੍ਰਾਈਵੇਟ ਯੂਨਿਟਾਂ ਪਾਸੋਂ 10,000 ਕਿੱਟਾਂ ਦਾ ਦਿੱਤਾ ਆਰਡਰ ਮਿਲਣਾ ਸ਼ੁਰੂ ਹੋਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਇਸ ਜਾਂਚ ਦੀ ਗਿਣਤੀ ਦਿਨ-ਬ-ਦਿਨ ਵਧਾਈ ਜਾ ਰਹੀ ਹੈ।  ਵਿਨੀ ਮਹਾਜਨ ਨੇ ਦੱਸਿਆ ਕਿ ਬੀਤੇ ਦਿਨ ਤੱਕ ਪ੍ਰਾਪਤ ਹੋਈਆਂ 1000 ਕਿੱਟਾਂ ਨਾਲ 527 ਰੈਪਿਡ ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 7 ਪਾਜ਼ੇਟਿਵ ਪਾਏ ਗਏ। ਉਨ੍ਹਾਂ ਦੱਸਿਆ ਕਿ ਇਹ ਟੈਸਟ ਜਲੰਧਰ ਅਤੇ ਐਸ.ਏ.ਐਸ. ਨਗਰ ਵਿੱਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਕੇਸਾਂ ਦੀ ਅੱਗੇ ਪੁਸ਼ਟੀ ਲਈ ਇਨ੍ਹਾਂ ਨੂੰ ਆਰ.ਟੀ.-ਪੀ.ਸੀ.ਆਰ. ਟੈਸਟਿੰਗ ਲਈ ਭੇਜੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਮੁਹਾਲੀ ਤੋਂ ਇਕ ਕੇਸ ਟੈਸਟ ਨੈਗੇਟਿਵ ਆਇਆ ਹੈ ਜਦੋਂਕਿ ਬਾਕੀਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਵਿਨੀ ਮਹਾਜਨ ਨੇ ਆਖਿਆ ਸੂਬੇ ਨੂੰ ਅਗਲੇ 30 ਦਿਨਾਂ ਲਈ ਤਿਆਰ ਕੀਤਾ ਗਿਆ ਹੈ ਅਤੇ ਸੰਭਾਵੀ ਵਾਧੇ ਦੇ ਮੱਦੇਨਜ਼ਰ ਸੂਬਾ ਪੂਰੀ ਤਰ੍ਹਾਂ ਤਿਆਰ ਹੈ। ਸਥਾਨਕ ਨਿੱਜੀ ਨਿਰਮਾਤਾ ‘ਮੇਕ ਇਨ ਪੰਜਾਬ’ ਦੀ ਪਹਿਲਕਦਮੀਆਂ ਨਾਲ ਸਰਕਾਰ ਨੂੰ ਪੂਰਾ ਸਹਿਯੋਗ ਦੇ ਰਹੇ ਹਨ ਜਿਸ ਤਹਿਤ ਸੂਬੇ ਦੀਆਂ ਕਈ ਕੰਪਨੀਆਂ ਨੂੰ ਪੀ.ਪੀ.ਈ. ਕਿੱਟਾਂ, ਮਾਸਕ ਆਦਿ ਬਣਾਉਣ ਦੀ ਪ੍ਰਵਾਨਗੀ ਮਿਲ ਗਈ  ਹੈ ਤਾਂ ਜੋ ਸੂਬੇ ਵਿੱਚ ਜ਼ਰੂਰੀ ਮੈਡੀਕਲ ਵਸਤਾਂ ਦੀ ਕੋਈ ਕਮੀ ਨਾ ਆਵੇ।

ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ਕੋਲ  ਵਰਤੋਂ ਲਈ 1900 ਆਕਸੀਜਨ ਗੈਸ ਸਿਲੰਡਰ ਮੌਜੂਦ ਹਨ ਜਦੋਂ ਕਿ 1200 ਹੋਰ ਦਾ ਵੱਖ-ਵੱਖ ਏਜੰਸੀਆਂ ਕੋਲੋਂ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 2000 ਹੋਰ ਸਿਲੰਡਰਾਂ ਨੂੰ ਖਰੀਦਣ ਦੀ ਤਜਵੀਜ਼ ਹੈ ਜਿਸ ਲਈ ਕੌਮੀ ਸਿਹਤ ਮਿਸ਼ਨ ਨੂੰ ਇਸ ਦੀ ਮੰਗ ਭੇਜ ਦਿੱਤੀ ਗਈ ਹੈ।

ਪਰਿਵਾਰਕ ਮੈਂਬਰਾਂ ਵੱਲੋਂ ਕਰੋਨਾ ਵਾਇਰਸ ਦੇ ਪੀੜਤਾਂ ਦਾ ਸਸਕਾਰ ਕਰਨ ਲਈ ਤਿਆਰ ਨਾ ਹੋਣ ਜਾਂ ਸਾਹਮਣੇ ਨਾ ਆਉਣ ਦੀਆਂ ਘਟਨਾਵਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਸਿਹਤ ਸਕੱਤਰ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਕੋਵਿਡ-19 ਤੋਂ ਬਚਾਅ ਲਈ ਦਿੱਤੇ ਗਏ ਪ੍ਰੋਟੋਕੋਲਾਂ ਦੀ ਤਰਜ਼ ’ਤੇ ਮਿ੍ਰਤਕਾਂ ਦੀਆਂ ਲਾਸ਼ਾਂ ਦੇ ਪ੍ਰਬੰਧਨ ਅਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਸਮੇਂ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।ਸਿਹਤ ਸਕੱਤਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਾਰੇ ਦਿਸ਼ਾ-ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਲਾਸ਼ਾਂ ਨੂੰ ਪਲਾਸਟਿਕ ਨਾਲ ਕਵਰ ਕਰਨਾ ਅਤੇ ਬਲੀਚਿੰਗ ਪਾਊਡਰ/ਘੋਲ ਵਿੱਚ ਵਿੱਚ ਰੱਖਣਾ ਸ਼ਾਮਲ ਹੈ। ਜੇ ਮੌਤ ਦੇ 48 ਘੰਟਿਆਂ ਅੰਦਰ ਪਰਿਵਾਰ ਅੰਤਿਮ ਸਸਕਾਰ ਲਈ ਅੱਗੇ ਨਹੀਂ ਆਉਂਦਾ ਤਾਂ ਸਥਾਨਕ ਪ੍ਰਸ਼ਾਸਨ ਨੂੰ ਲਾਸ਼ ਦੀ ਸੰਭਾਲ ਜਾਂ ਅੰਤਿਮ ਸਸਕਾਰ ਦਾ ਜ਼ਿੰਮਾ ਸੌਂਪਿਆ ਗਿਆ ਹੈ।

ਮੁੱਖ ਮੰਤਰੀ ਦੇ ਇੱਕ ਸਵਾਲ ਦੇ ਜਵਾਬ ਵਿੱਚ, ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਕਿਹਾ ਕਿ ਸੂਬੇ ਨੂੰ ਕੋਵਿਡ ਤੋਂ ਬਾਅਦ ਵਾਲੀ ਸਥਿਤੀ ਤੋਂ ਬਾਹਰ ਕੱਢਣ ਲਈ ਰਣਨੀਤੀ ਤਿਆਰ ਕਰਨ ਵਾਸਤੇ ਬਣਾਈ ਗਈ 20 ਮੈਂਬਰੀ ਮਾਹਿਰ ਕਮੇਟੀ ਨੇ ਦੋ ਮੀਟਿੰਗਾਂ ਕੀਤੀਆਂ ਅਤੇ ਕਮੇਟੀ ਇੱਕ ਹਫਤੇ ਦੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਮੁੱਖ ਸਕੱਤਰ ਨੇ ਕਿਹਾ ਕਿ ਵਾਇਰੋਲੌਜੀ ਵਿੱਚ ਟੈਕਨੀਸ਼ੀਅਨਾਂ ਦੀ ਘਾਟ ਨੂੰ ਪੂਰਾ ਕਰਨ ਲਈ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਪਣੇ ਤਕਨੀਕੀ ਸਟਾਫ ਨੂੰ ਉਪਲਬਧ ਕਰਵਾ ਰਹੀਆਂ ਹਨ ਅਤੇ ਸਰਕਾਰ ਆਊਟਸੋਰਸਿੰਗ ਨਾਲ ਵੀ ਸਟਾਫ ਉਪਲਬਧ ਕਰਵਾਉਣ ਲਈ ਕੰਮ ਕਰ ਰਹੀ ਹੈ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਆਮ ਓ.ਪੀ.ਡੀ. ਨੇ ਬਹੁਤੇ ਹਸਪਤਾਲਾਂ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਦੇਖਭਾਲ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਫਰੀਦਕੋਟ ਦੇ ਉਪ ਕੁਲਪਤੀ ਤੇ ਆਰਥੋਪੈਡਿਕ ਸਰਜਨ ਡਾ. ਰਾਜ ਬਹਾਦਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਸੋਮਵਾਰ ਤੱਕ ਸੂਬੇ ਦੀ ਟੈਸਟਿੰਗ ਸਮਰੱਥਾਵਾਂ ਨੂੰ ਹੋਰ ਵਧਾਉਣ ਲਈ ਇੱਕ ਹੋਰ ਲੈਬ ਫਰੀਦਕੋਟ ਵਿੱਚ ਜਾਂਚ ਸ਼ੁਰੂ ਕਰੇਗੀ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮਿ੍ਰਤਸਰ ਵਿਖੇ ਪਹਿਲਾ ਹੀ ਸਮਰੱਥਾ ਵਧਾ ਦਿੱਤੀ ਗਈ ਹੈ ਅਤੇ ਡੀ.ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਵੀ ਟੈਸਟਿੰਗ ਸ਼ੁਰੂ ਹੋ ਗਈ ਹੈ ਜਦੋਂ ਕਿ ਪੀ.ਜੀ.ਆਈ. ਚੰਡੀਗੜ੍ਹ 40 ਦੀ ਬਜਾਏ ਪੰਜਾਬ ਤੋਂ ਰੋਜ਼ਾਨਾ 60 ਨਮੂਨੇ ਲੈਣ ਲਈ ਸਹਿਮਤ ਹੋ ਗਿਆ ਹੈ। ਆਈ.ਐਮ.ਟੈਕ. ਚੰਡੀਗੜ੍ਹ ਨਮੂਨਿਆਂ ਦੀ ਟੈਸਟਿੰਗ ਲਈ ਤਿਆਰ ਹੈ ਅਤੇ ਪੰਜਾਬ ਤੋਂ ਵੀ ਨਮੂਨੇ ਲਵੇਗੀ ਜਿਸ ਨੇ ਪੂਲ ਟੈਸਟਿੰਗ ਦੀ ਰਣਨੀਤੀ ਵੀ ਤਿਆਰ ਕੀਤੀ ਹੈ। ਸੂਬਾ ਸੀ.ਐਮ.ਸੀ. ਲੁਧਿਆਣਾ ਵਿਖੇ ਟੈਸਟ ਕਰਵਾਉਣ ਲਈ ਪ੍ਰਵਾਨਗੀ ਲਈ ਵੀ ਜ਼ੋਰ ਦੇ ਰਿਹਾ ਹੈ ਅਤੇ ਇਸ ਸਬੰਧੀ ਅਗਲੇ ਹਫ਼ਤੇ ਆਉਣ ਪ੍ਰਵਾਨਗੀ ਮਿਲਣ ਦੀ ਉਮੀਦ ਹੈ।

ਇਸ ਤੋਂ ਪਹਿਲਾਂ ਸਿਹਤ ਸਬੰਧੀ ਮੁੱਦਿਆਂ ਬਾਰੇ ਸੂਬਾ ਸਰਕਾਰ ਦੇ ਸਲਾਹਕਾਰ ਡਾ.ਕੇ.ਕੇ. ਤਲਵਾੜ ਨੇ ਮੀਟਿੰਗ ਦੌਰਾਨ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡੇਢ ਮਹੀਨੇ ਪਹਿਲਾਂ ਸੂਬੇ ਵਿੱਚ ਕੋਵਿਡ-19 ਸੰਕਟ ਵਿਰੁੱਧ ਆਪ੍ਰੇਸ਼ਨ ਫਤਿਹ ਤਹਿਤ ਸ਼ੁਰੂ ਕੀਤੀ ਗਈ ਟਰੇਸਿੰਗ, ਟਰੈਕਿੰਗ ਅਤੇ ਟੈਸਟਿੰਗ (ਟੀਟੀਟੀ) ਵਿਚ ਹਾਲ ਹੀ ਦੇ ਦਿਨਾਂ ਵਿੱਚ ਮਹੱਤਵਪੂਰਨ ਢੰਗ ਨਾਲ ਵਾਧਾ ਹੋਇਆ ਹੈ। ਸਿਹਤ ਕਰਮਚਾਰੀਆਂ ਦੁਆਰਾ (ਬੁਖਾਰ/ਖੰਘ) ਦੇ ਲੱਛਣਾਂ ਵਾਲਿਆਂ ਦੀ ਘਰ-ਘਰ ਜਾ ਕੇ ਭਾਲ ਕਰਨ ਦੇ ਹਿੱਸੇ ਵਜੋਂ ਸੂਬੇ ਭਰ ਵਿਚ ਹਰ ਰੋਜ਼ 15,000 ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਵੀਂ ਕਲੱਸਟਰਿੰਗ ਅਤੇ ਕੰਟੇਨਮੈਂਟ ਗਤੀਵਿਧੀ ਦੀ ਪਛਾਣ ਕੀਤੀ ਜਾ ਰਹੀ ਹੈ। ਹਸਪਤਾਲ ਦੀਆਂ ਓ.ਪੀ.ਡੀਜ਼ ਦੇ ਰਿਕਾਰਡ ਵਿਚੋਂ ਹਰ ਰੋਜ਼ ਇੰਫਲੂਐਨਜ਼ਾ ਲਾਈਕ ਇਲਨੈਸ (ਆਈ ਐਲ ਆਈ) ਦੇ ਲਗਭਗ 1000 ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਨਾਲ ਹੀ ਹਸਪਤਾਲ ਆਈ.ਪੀ.ਡੀ. ਦੇ ਗੰਭੀਰ ਸਾਹ ਸੰਬੰਧੀ ਬਿਮਾਰੀਆਂ (ਐਸ.ਏ.ਆਰ.ਆਈ.) ਦੇ 20 ਕੇਸਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਸੂਬੇ ਵਿਚ ਉੱਚ ਮੌਤ ਦਰ ਬਾਰੇ ਡਾ. ਤਲਵਾੜ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਸੂਬੇ ਵਿਚ ਵੱਡੀ ਪੱਧਰ ’ਤੇ ਵੱਧ ਜੋਖਮ ਵਾਲੇ ਕਾਰਨਾਂ ਦੀ ਵੱਡੀ ਗਿਣਤੀ ਦੇ ਨਾਲ-ਨਾਲ ਕੌਮਾਂਤਰੀ ਸੈਲਾਨੀਆਂ/ਪਰਵਾਸੀ ਭਾਰਤੀਆਂ ਦੀ ਵਧੇਰੇ ਆਮਦ ਨਾਲ ਸਬੰਧਤ ਹੈ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *