ਪਿੰਡ ਵਾਸੀਆਂ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ ਅਤੇ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਦਿਵਾਇਆ ਭਰੋਸਾ
ਮੋਗਾ, 29 ਜੁਲਾਈ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿੱਥੋਂ ਦੇ ਬਹੁਤੇ ਲੋਕ ਖੇਤੀ ਉੱਪਰ ਨਿਰਭਰ ਕਰਦੇ ਹਨ ਅਤੇ ਇਸ ਕਿੱਤੇ ਨਾਲ ਮੁੱਢ ਕਦੀਮੋਂ ਜੁੜੇ ਹੋਏ ਹਨ। ਖੇਤੀਬਾੜੀ ਨਾਲ ਪਸ਼ੂ ਪਾਲਣਾ ਵੀ ਇੱਕ ਲਾਹੇਵੰਦ ਧੰਦਾ ਹੈ ਜਿਹੜਾ ਕਿ ਪੰਜਾਬ ਦੇ ਪਿੰਡ ਵਾਸੀਆਂ ਲਈ ਆਮਦਨੀ ਦਾ ਇੱਕ ਵਧੀਆ ਸਰੋਤ ਹੈ। ਇਸ ਲਈ ਪੰਜਾਬ ਸਰਕਾਰ ਆਪਣੇ ਖੇਤੀਬਾੜੀ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੁਆਰਾ ਵੱਖ ਵੱਖ ਲੋਕ ਪੱਖੀ ਸਕੀਮਾਂ ਜਰੀਏ ਪੰਜਾਬ ਵਾਸੀਆਂ ਦੇ ਇਸ ਕਾਰੋਬਾਰ ਵਿੱਚ ਪ੍ਰਫੁੱਲਤਾ ਲਿਆਉਣ ਵਿੱਚ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਸਰਕਾਰ ਪਸ਼ੂ ਪਾਲਕਾਂ ਲਈ ਵਿੱਤੀ ਸਹਾਇਤਾ ਤੋਂ ਇਲਾਵਾ ਹੋਰ ਸਕੀਮਾਂ ਜਰੀਏ ਉਨ੍ਹਾਂ ਦੇ ਇਸ ਕਾਰੋਬਾਰ ਵਿੱਚ ਮੋਢੇ ਨਾਲ ਮੋਢਾ ਜ਼ੋੜ ਕੇ ਕੰਮ ਕਰ ਰਹੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪਿੰਡ ਦੀਨਾ ਸਾਹਿਬ ਵਿਖੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਕੀਤਾ। ਉਹ ਅੱਜ ਇਸ ਪਿੰਡ ਵਿੱਚ ਕਿਸੇ ਬਿਮਾਰੀ ਦੇ ਫੈਲਣ ਕਾਰਣ ਪਸ਼ੂਆਂ ਦੀਆਂ ਹੋਈਆਂ ਮੌਤਾਂ ਦਾ ਜਾਇਜ਼ਾ ਲੈਣ ਅਤੇ ਪਿੰਡ ਵਾਸੀਆਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚੇ ਸਨ। ਉਨ੍ਹਾਂ ਅੱਜ ਇੱਥੇ ਪਸ਼ੂਆਂ ਦੇ ਇਲਾਜ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਉਪ ਮੰਡਲ ਮੈਜਿਸਟ੍ਰੇਟ ਨਿਹਾਲ ਸਿੰਘ ਵਾਲਾ ਸ੍ਰੀ ਰਾਮ ਸਿੰਘ, ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਮੋਗਾ ਗੁਰਵੀਨ ਕੌਰ ਵੀ ਹਾਜ਼ਰ ਸਨ।
ਇਸ ਮੌਕੇ ਤੇ ਪਸੂ ਪਾਲਣ ਵਿਭਾਗ ਦੀ ਟੀਮ ਨੇ ਪਸੂਆ ਦੇ ਸੈਂਪਲ ਵੀ ਲਏ। ਇਸ ਮੌਕੇ ਪਸੂ ਪਾਲਣ ਵਿਭਾਗ ਦੀ ਵਿਸ਼ੇਸ਼ ਟੀਮ ਲੁਧਿਆਣਾ ਅਤੇ ਜਲੰਧਰ ਤੋਂ ਪਹੁੰਚੀ। ਇਸ ਟੀਮ ਨੇ ਸਮੂਹ ਪਸ਼ੂ ਪਾਲਕਾਂ ਨੂੰ ਪਰਹੇਜ਼ ਅਤੇ ਇਲਾਜ਼ ਦੀ ਜਾਣਕਾਰੀ ਦਿੱਤੀ।
ਚੇਅਰਮੈਨ ਤਲਵੰਡੀ ਭੰਗੇਰੀਆਂ ਅਤੇ ਉਪ ਮੰਡਲ ਮੈਜਿਸਟ੍ਰੇਟ ਰਾਮ ਸਿੰਘ ਨੇ ਪਿੰਡ ਵਾਸੀਆਂ ਨੂੰ ਸਰਕਾਰ ਵੱਲੋਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ ਅਤੇ ਪਿੰਡ ਵਿਚ ਪਸੂਆ ਦੇ ਹੋਏ ਭਾਰੀ ਨੁਕਸਾਨ ਤੇ ਦੁੱਖ ਦਾ ਇਜ਼ਹਾਰ ਵੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਬਲਾਕ ਸੰਮਤੀ ਅਤੇ ਮਾਰਕੀਟ ਕਮੇਟੀ ਰੁਪਿੰਦਰ ਸਿੰਘ ਦੀਨਾ, ਸਰਪੰਚ ਸਿੰਦਰਪਾਲ ਸਿੰਘ ਰਣਸੀਹ ਖੁਰਦ, ਉੱਘੇ ਲੇਖਕ ਤੋਤਾ ਸਿੰਘ ਦੀਨਾ, ਚੈਅਰਮੇਨ ਸਤਿੰਦਰ ਸਿੰਘ ਬਬਲਾ,ਸਰਪੰਚ ਬਲਜੀਤ ਸਿੰਘ, ਪ੍ਰਧਾਨ ਮੇਜਰ ਸਿੰਘ ,ਭੋਲਾ ਸਿੰਘ ਸਾਬਕਾ ਸਰਪੰਚ,ਨਛੱਤਰ ਸਿੰਘ ਯੋਧਾ ਆਦਿ ਹਾਜ਼ਰ ਸਨ।