ਹਰ ਬੇਰੋਜ਼ਗਾਰ ਨੂੰ ਇਸ ਮਿਸ਼ਨ ਦਾ ਲਾਭ ਉਠਾਉਣਾ ਚਾਹੀਦੈ-ਅਮਨਪ੍ਰੀਤ ਕੌਰ
ਮੋਗਾ, 3 ਜਨਵਰੀ:(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਪੰਜਾਬ ਸਰਕਾਰ ਆਪਣੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਵਾਉਣ ਲਈ ਵਚਨਬੱਧ ਹੈ। ਇਸ ਮਿਸ਼ਨ ਤਹਿਤ ਬੇਰੋਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਚੰਗੇ ਅਦਾਰਿਆਂ ਵਿੱਚ ਚੰਗੀਆਂ ਤਨਖਾਹਾਂ ਉੱਪਰ ਰੋਜ਼ਗਾਰ ਮਿਲ ਰਹੇ ਹਨ।
ਇਨ੍ਹਾਂ ਸ਼ਬਦਾਂ ਨੂੰ ਪ੍ਰਗਟਾਉਂਦਿਆਂ ਜ਼ਿਲ੍ਹਾ ਮੋਗਾ ਦੇ ਪਿੰਡ ਤਲਵੰਡੀ ਮੱਲ੍ਹੀਆਂ ਦੀ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਸਦਕਾ ਉਸਨੂੰ ਵੀ ਹੋਰਨਾਂ ਬੇਰੋਜ਼ਗਾਰਾਂ ਦੀ ਤਰ੍ਹਾਂ ਵਧੀਆ ਰੋਜ਼ਗਾਰ ਮਿਲ ਸਕਿਆ ਹੈ।
ਅਮਨਪ੍ਰੀਤ ਕੌਰ ਨੇ ਦੱਸਿਆ ਕਿ ਮੈਂ ਕੁਝ ਸਮਾਂ ਪਹਿਲਾਂ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਦੇ ਦਫਤਰ ਵਿੱਚ ਆਪਣਾ ਨਾਮ ਰਜਿਸਟਰਡ ਕਰਵਾਇਆ ਸੀ। ਨਾਮ ਰਜਿਸਟ੍ਰੇਸ਼ਨ ਕਰਵਾਉਣ ਤੋਂ ਥੋੜਾ ਸਮਾਂ ਬਾਅਦ ਹੀ ਮੈਨੂੰ ਇਸ ਦਫ਼ਤਰ ਵੱਲੋਂ ਇੱਕ ਫੋਨ ਆਇਆ ਅਤੇ ”ਅਜਾਈਲ ਫਿਊਚਰ” ਕੰਪਨੀ ਲੁਧਿਆਣਾ ਦੁਆਰਾ ਹੋਣ ਵਾਲੇ ਰੋਜ਼ਗਾਰ ਕੈਂਪ ਬਾਰੇ ਦੱਸਿਆ ਗਿਆ। ਮੈਂ ਆਪਣੇ ਪੜ੍ਹਾਈ ਨਾਲ ਸਬੰਧਤ ਯੋਗਤਾ ਸਰਟੀਫਿਕੇਟਾਂ ਸਮੇਤ ਇਸ ਕੰਪਨੀ ਵਿਖੇ ਰੋਜ਼ਗਾਰ ਦਫ਼ਤਰ ਜਰੀਏ ਆਪਣੀ ਇੰਟਰਵਿਊ ਦਿੱਤੀ। ਇੰਟਰਵਿਊ ਤੋਂ ਬਾਅਦ ਮੈਨੂੰ ਇਸ ਕੰਪਨੀ ਵਿੱਚ ਬਤੌਰ ਟਰੇਨੀ ਹੈਲਥ ਮੈਨੇਜਮੈਂਟ (ਵੈਲਨੈੱਸ ਐਡਵਾਈਜਰ) ਚੰਗੇ ਤਨਖਾਹ ਸਕੇਲ ਉੱਪਰ ਨਿਯੁਕਤ ਕਰ ਲਿਆ ਗਿਆ।
ਮੈਂ ਇਸ ਕੰਪਨੀ ਵਿੱਚ ਕੰਮ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ। ਇੱਥੇ ਮੈਨੂੰ ਬਹੁਤ ਕੁੱਝ ਸਿੱਖਣ ਲਈ ਮਿਲ ਰਿਹਾ ਹੈ। ਇਸ ਕੰਪਨੀ ਵਿੱਚ ਖਾਣ-ਪੀਣ, ਰਹਿਣ ਸਹਿਣ ਆਦਿ ਦਾ ਪੂਰਾ ਵਧੀਆ ਪ੍ਰਬੰਧ ਹੈ ।ਇਸ ਨੌਕਰੀ ਦੇ ਦੌਰਾਨ ਮੇਰਾ ਆਤਮ ਵਿਸ਼ਵਾਸ ਵੀ ਵਧ ਰਿਹਾ ਹੈ।
ਅਮਨਪ੍ਰੀਤ ਨੇ ਅਖੀਰ ਵਿੱਚ ਕਿਹਾ ਕਿ ”ਮੈਂ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੀ ਰਿਣੀ ਰਹਾਂਗੀ, ਕਿਉ਼ਕਿ ਇਸ ਮਿਸ਼ਨ ਸਦਕਾ ਉਸਨੂੰ ਵਧੀਆ ਅਤੇ ਟਿਕਾਊ ਰੋਜ਼ਗਾਰ ਹਾਸਲ ਹੋ ਸਕਿਆਹੈ। ਮੈਨੂੰ ਇਸ ਕੰਪਨੀ ਵਿੱਚ ਆਪਣਾ ਵਧੀਆ ਭਵਿੱਖ ਨਜ਼ਰ ਆ ਰਿਹਾ ਹੈ। ਮੈਂ ਚਾਹੁੰਦੀ ਹਾਂ ਕਿ ਹਰ ਬੇਰੋਜ਼ਗਾਰ ਲੜਕਾ/ਲੜਕੀ ਇਸ ਮਿਸ਼ਨ ਦਾ ਲਾਭ ਉਠਾਵੇ ਅਤੇ ਆਪਣੇ ਆਪ ਨੂੰ ਆਤਮ ਨਿਰਭਰ ਬਣਾਵੇ”।