ਹਦਾਇਤਾਂ ਦੀ ਪਾਲਣਾ ਨਾ ਕਰਨ ਤੇ ਹੋਵੇਗੀ ਸਖਤ ਕਾਰਵਾਈ-ਡਿਪਟੀ ਕਮਿਸ਼ਨਰ
ਮੋਗਾ, 28 ਸਤੰਬਰ
(ਜਗਰਾਜ ਸਿੰਘ ਗਿੱਲ,ਮਨਪ੍ਰੀਤ ਮੋਗਾ) ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਉਣੀ-2020 ਦੌਰਾਨ ਪਰਾਲੀ ਨੂੰ ਖੇਤਾਂ ਵਿੱਚ ਸੁਚੱਜੇ ਢੰਗ ਨਾਲ ਸਾਂਭਣ ਲਈ ਸਵੈਚਲਿਤ ਜਾਂ ਟਰੈਕਟਰ ਨਾਲ ਚੱਲਣ ਵਾਲੇ ਕੰਬਾਇਨ ‘ਤੇ ਸੁਪਰ ਐਸ.ਐਮ.ਐਸ. ਲਗਵਾਉਣ ਲਈ ਸਬਸਿਡੀ ਦੀਆਂ ਦਰਖਾਸਤਾਂ ਦੇਣ ਦੀ ਆਖਰੀ ਮਿਤੀ 30 ਸਤੰਬਰ, 2020 ਹੈ। ਉਨ੍ਹਾਂ ਦੱਸਿਆ ਕਿ ਸਹਿਕਾਰੀ ਸਭਾਵਾਂ/ਕਿਸਾਨਾਂ ਦੀਆਂ ਰਜਿਸਟਰਡ ਸੋਸਾਇਟੀਆਂ/ਰਜਿਸਟਰਡ ਕਿਸਾਨ ਗਰੁੱਪਾਂ/ਗ੍ਰਾਮ ਪੰਚਾਇਤਾਂ/ਫਾਰਮਰ ਪ੍ਰੋਡਿਊਸ ਸੰਸਥਾਵਾਂ ਲਈ 80 ਫੀਸਦੀ ਅਤੇ ਨਿੱਜੀ ਕਿਸਾਨਾਂ ਲਈ 50 ਫੀਸਦੀ ਸਬਸਿਡੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਨਾਲ ਕਾਰਗਰ ਢੰਗ ਨਾਲ ਹਰ ਹੀਲੇ ਨਿਪਟਿਆ ਜਾਵੇਗਾ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਤੇ ਮਾਰੂ ਪ੍ਰਭਾਵ ਪੈ ਰਹੇ ਹਨ, ਇਸ ਲਈ ਐਸ.ਐਮ.ਐਸ. ਤੋ ਬਿਨ੍ਹਾਂ ਕਿਸੇ ਵੀ ਕੰਬਾਇਨ ਨੂੰ ਚੱਲਣ ਦੀ ਇਜਾਜਤ ਨਹੀ ਦਿੱਤੀ ਜਾਵੇਗੀ। 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਕ੍ਰਿਮੀਨਲ ਪ੍ਰੋਸੀਜ਼ਰ 1993 ਦੇ ਤਹਿਤ ਜ਼ਿਲ੍ਹੇ ਅੰਦਰ ਬਿਨ੍ਹਾਂ ਐਸ.ਐਮ.ਐਸ. ਤੋ ਕੰਬਾਇਨਾਂ ਨੂੰ ਚੱਲਾਉਣ ‘ਤੇ ਪੂਰਨ ਤੌਰ ਤੇ ਪਾਬੰਦੀ ਹੈ।
ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਜਿਸ ਫਰਮ ਤੋ ਮਸ਼ੀਨ ਲਗਾਉਣੀ ਹੈ, ਉਨ੍ਹਾਂ ਦੀਆਂ ਮਸ਼ੀਨਾਂ ਭਾਰਤ ਸਰਕਰ ਦੇ ਕਿਸੇ ਟੈਸਟਿੰਗ ਸੈਟਰ ਤੋ ਟੈਸਟ ਹੋਣੀਆਂ ਚਾਹੀਦੀਆਂ ਹਨ ਅਤੇ ਵਿਭਾਗ/ਪੀ.ਏ.ਯੂ. ਵੱਲੋ ਜਾਰੀ ਕੀਤੀ ਲਿਸਟ ਵਿੱਚ ਹੋਣੀ ਚਾਹੀਦੀ ਹੈ। ਸਬਸਿਡੀ ਦਾ ਲਾਭ ਲੈਣ ਲਈ ਸਬੰਧਤ ਫਰਮ ਕਿਸਾਨ ਦਾ ਨਾਮ ਖੇਤੀਬਾੜੀ ਵਿਭਾਗ ਦੇ ਪੋਰਟਲ ‘ਤੇ ਰਜਿਸਟਰ ਕਰਨਗੇ ਅਤੇ ਸੂਚਨਾ ਨੇੜੇ ਦੇ ਬਲਾਕ ਖੇਤੀਬਾੜੀ ਅਫ਼ਸਰ/ਸਹਾਇਕ ਖੇਤੀਬਾੜੀ ਇੰਜੀਨੀਅਰ/ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਦੇਣਗੇ। ਕਿਸਾਨ ਸਿੱਧੇ ਤੌਰ ‘ਤੇ ਵੀ ਆਪਣੇ ਬਿਨੈ ਪੱਤਰ ਖੇਤੀਬਾੜੀ ਵਿਭਾਗ ਦੇ ਬਲਾਕ ਖੇਤੀਬਾੜੀ ਅਫ਼ਸਰ/ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਨੂੰੰ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਕਾਲ ਸੈਟਰ ਦੇ ਟੋਲ ਫ੍ਰੀ ਨੰਬਰ 1800 180 1551 ਤੇ ਸਵੇਰੇ 6 ਵਜ਼ੇ ਤੋ ਸ਼ਾਮ 10 ਵਜੇ ਤੱਕ ਮੁਫ਼ਤ ਸਲਾਹ ਲੈ ਸਕਦੇ ਹਨ।