ਮੋਗਾ 30 ਅਗਸਤ (ਜਗਰਾਜ ਸਿੰਘ ਗਿੱਲ)
ਪੰਜਾਬ ਸਰਕਾਰ ਜਿੱਥੇ ਸਥਾਨਕ ਸਰਕਾਰਾਂ ਵਿਭਾਗ ਦੁਆਰਾ ਅਵਾਰਾ ਪਸ਼ੁਆਂ ਦੇ ਢੁੱਕਵੇ ਹੱਲ ਕਰ ਰਹੀ ਹੈ ਉੱਥੇ ਪੰਚਾਇਤੀ ਰਾਜ ਵਿਭਾਗ ਜਰੀਏ ਵੀ ਸ਼ਹਿਰਾਂ ਵਿੱਚ ਘੁੰਮਦੇ ਅਵਾਰਾ ਪਸ਼ੂਆਂ ਦੇ ਲਈ ਕੈਟਲ ਸ਼ੈੱਡ ਆਦਿ ਉਸਾਰੇ ਜਾ ਰਹੇ ਹਨ ਤਾਂ ਕਿ ਸ਼ਹਿਰ ਵਿੱਚ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਸਹੀ ਢੰਗ ਨਾਲ ਪਨਾਹ ਦੇ ਕੇ ਉਨਾਂ ਦਾ ਪਾਲਣ ਪੋਸ਼ਣ ਹੋ ਸਕੇ। ਸ਼ਹਿਰਾਂ ਅਤੇ ਹਾਈਵੇ ਤੇ ਘੁੰਮਦੇ ਅਵਾਰਾ ਪਸ਼ੂਆਂ ਨਾਲ ਜਿੱਥੇ ਆਮ ਲੋਕ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ ਉੱਥੇ ਇਨਾਂ ਪਸ਼ੂਆਂ ਦੇ ਮਲਮੂਤਰ ਅਤੇ ਗੋਬਰ ਨਾਲ ਸੜਕਾਂ ਉੱਪਰ ਗੰਦਗੀ ਵੀ ਫੈਲਦੀ ਹੈ। ਕੈਟਲ ਪੌਡਾਂ ਦੇ ਨਿਰਮਾਣ ਅਤੇ ਨਵੀਨੀਕਰਨ ਨਾਲ ਸੜਕੀ ਦੁਰਘਟਨਾਵਾਂ ਤਾ ਘਟਣਗੀਆਂ ਨਾਲ ਹੀ ਸੜਕਾਂ/ਹਾਈਵੇ ਦੀ ਸਫ਼ਾਈ ਵੀ ਬਰਕਰਾਰ ਰੱਖੀ ਜਾ ਸਕੇਗੀ ਅਤੇ ਗਊਆਂ ਜਾਂ ਹੋਰ ਅਵਾਰਾ ਪਸ਼ੂਆਂ ਨੂੰ ਉਨਾਂ ਦੀ ਬਣਦੀ ਪਨਾਹ ਵੀ ਮਿਲ ਸਕੇਗੀ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਮੋਗਾ ਸ੍ਰੀ ਰਾਜੇਸ਼ ਕਾਂਸਲ ਨੇ ਦੱਸਿਆ ਕਿ ਇਸ ਮਕਸਦ ਤਹਿਤ ਜਿਲੇ ਦੇ ਬਲਾਕ ਕੋਟ ਈਸੇ ਖਾਂ ਦੇ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਵਾਸਤੇ ਗਊਸ਼ਾਲਾ ਬਣਾਈ ਸੀ, ਜਿਸ ਵਿੱਚ ਲਗਭਗ 350 ਪਸ਼ੂਆਂ ਨੁੰ ਰੱਖਣ ਦਾ ਇੰਤਜ਼ਾਮ ਕੀਤਾ ਗਿਅ ਸੀ। ਪਰ ਹੁਣ ਅਵਾਰਾ ਪਸ਼ੂਆਂ ਦੀ ਵਧਦੀ ਗਿਣਤੀ ਨੂੰ ਵੇਖਦੇ ਹੋਏ ਇੱਥੇ ਨਵੇ ਕੈਟਲ ਸ਼ੈੱਡ ਦੀ ਉਸਾਰੀ ਕਰਕੇ ਇਸ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਸ ਅਪਗ੍ਰੇਡੇਸ਼ਨ ਨਾਲ ਲਗਭਗ 500 ਪਸ਼ੂ ਇਸ ਕੈਟਲ ਪੌਡ ਵਿੱਚ ਆਰਾਮ ਨਾਲ ਰਹਿ ਸਕਣਗੇ ਅਤੇ ਇਨਾਂ ਦੇ ਚਾਰੇ ਦਾ ਵੀ ਇੰਤਜ਼ਾਮ ਕੀਤਾ ਜਾ ਸਕੇਗਾ। ਇਨਾਂ ਪਸ਼ੂਆਂ ਦੀ ਗਿਣਤੀ ਨੂੰ ਮੁੱਖ ਰੱਖਦੇ ਹੋਏ 155ਧ32 ਫੁੱਟ ਦੇ ਰਕਬੇ ਵਿੱਚ 15 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਸ਼ੈਡ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਵਿੱਚ 5 ਲੱਖ ਰੁਪਏ ਕੈਟਲ ਫੰਡ ਅਤੇ 10 ਲੱਖ ਰੁਪਏ ਮਨਰੇਗਾ ਵਿੱਚੋ ਖਰਚ ਕੀਤੇ ਜਾ ਰਹੇ ਹਨ।
ਸ੍ਰੀ ਕਾਂਸਲ ਨੇ ਦੱਸਿਆ ਕਿ ਇਸ ਸ਼ੈਡ ਦਾ ਕੰਮ ਤੇਜੀ ਨਾਲ ਚਲਾਇਆ ਜਾ ਰਿਹਾ ਹੈੈ ਜੋ ਕਿ 10 ਸਤੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨਾਂ ਕਿਹਾ ਕਿ ਜੋ ਬੇਸਹਾਰਾ ਪਸ਼ੂ ਸੜਕਾਂ ਉੱਪਰ ਘੁੰਮਦੇ ਫਿਰਦੇ ਕਈ ਤਰਾਂ ਦੇ ਸੜਕੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਉਨਾਂ ਨੂੰ ਹੁਣ ਇਸ ਸ਼ੈਡ ਜਰੀਏ ਇਨਾਂ ਸੜਕੀ ਹਾਦਸਿਆਂ, ਅੱਤ ਦੀ ਗਰਮੀ ਅਤੇ ਸਰਦੀ ਤੋ ਬਚਾਇਆ ਜਾ ਸਕੇਗਾ।