ਮੋਗਾ 5 ਅਪ੍ਰੈਲ ( ਮਿੰਟੂ ਖੁਰਮੀ) ਕਰੋਨਾ ਦੇ ਚਲਦਿਆਂ ਜਿੱਥੇ ਪੰਜਾਬ ਦੇ ਪਿੰਡ ਸੀਲ ਹੋ ਰਹੇ ਹਨ ਉੱਥੇ ਮੋਗਾ ਜ਼ਿਲ੍ਹੇ ਦੇ ਪਿੰਡਾਂ ਨੇ ਵੀ ਕਮਰ ਕਸ ਲਈ ਹੈ, ਇਸ ਲੜੀ ਤਹਿਤ ਹਲਕਾ ਨਿਹਾਲ ਸਿੰਘ ਵਾਲਾ ਦੇ ਵੱਡੇ ਪਿੰਡ ਤਖਤਪੁਰਾ ਸਾਹਿਬ, ਬਿਲਾਸਪੁਰ ਦੇ ਨਾਲ ਨਾਲ ਪਿੰਡ ਹਿੰਮਤਪੁਰਾ ਨੂੰ ਵੀ ਸੀਲ ਕਰਨ ਦੀ ਖ਼ਬਰ ਆ ਰਹੀ ਹੈ, ਸਮੁੱਚੀ ਗਾ੍ਮ ਪੰਚਾਇਤ ਹਿੰਮਤਪੁਰਾ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰੋਨਾ ਵਾਇਰਸ ਤੋ ਬਚਾਅ ਦੇ ਲਈ ਪਿੰਡ ਨੂੰ ਆਉਣ ਜਾਣ ਵਾਲੇ ਸਾਰੇ ਰਾਹ ਬੰਦ ਕਰ ਦਿੱਤੇ ਗਏ ਹਨ,ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਹਿੰਮਤਪੁਰਾ ਦੇ ਸਰਪੰਚ ਪੱਪੂ ਜੋਸ਼ੀ ਨੇ ਕਿਹਾ ਕਿ ਪਿੰਡ ਨੂੰ ਸੀਲ ਕਰਨ ਦਾ ਫ਼ੈਸਲਾ ਬਹੁਤ ਸੋਚ ਵਿਚਾਰ ਕੇ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕਰੋਨਾ ਦੀ ਚੇਨ ਤੋੜਨ ਵਾਸਤੇ ਇਹ ਬਹੁਤ ਜ਼ਰੂਰੀ ਸੀ। ਪੱਪੂ ਜੋਸ਼ੀ ਨੇ ਸਾਰੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਮੇਰੇ ਪਿੰਡ ਵਾਸੀਆਂ ਤੇ ਮਾਣ ਹੈ ਜਿਹਨਾ ਨੇ ਨਿੱਕੇ ਜਿਹੇ ਸੁਨੇਹੇ ਨੂੰ ਕਬੂਲਦੇ ਹੋਏ ਪਿੰਡ ਨੂੰ ਆਉਣ ਜਾਣ ਵਾਲੇ ਰਸਤਿਆਂ ਨੂੰ ਬੰਦ ਕਰਨ ਚ ਸਹਿਯੋਗ ਦਿੱਤਾ। ਇਸ ਮੌਕੇ ਚੌਂਕੀ ਇੰਚਾਰਜ ਬਿਲਾਸਪੁਰ ਸ਼੍ਰੀ ਰਾਮ ਲੁਭਾਇਆ ਵਿਸ਼ੇਸ ਤੌਰ ਤੇ ਪਹੁੰਚੇ। ਉਹਨਾ ਯਕੀਨ ਦਿਵਾਇਆ ਕਿ ਪੰਜਾਬ ਪੁਲਿਸ ਪੂਰਨ ਤੌਰ ਤੇ ਪੰਚਾਇਤ ਦਾ ਸਹਿਯੋਗ ਦੇਵੇਗੀ।
ਸਰਪੰਚ ਜੋਸ਼ੀ ਨੇ ਬੋਲਦਿਆਂ ਕਿਹਾ ਕਿ ਮੈਂ ਆਪਣੇ ਪੰਚਾਇਤ ਮੈਂਬਰ ਸਾਹਿਬਾਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਆਪੋ ਆਪਣੇ ਵਾਰਡ ਚ ਪੈ ਰਹੇ ਰਸਤਿਆਂ ਤੇ ਡਿਊਟੀ ਦੇ ਰਹੇ ਹਨ।