ਅਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ
ਰੋਜ਼ਾਨਾ ਯੋਗਾ ਕਰਨ ਨਾਲ ਵਿਅਕਤੀ ਦਾ ਮਨ ਅਤੇ ਸਰੀਰ ਪੂਰੀ ਤਰ੍ਹਾਂ ਫਿੱਟ ਰਹਿੰਦਾ -ਐੱਸ ਡੀ ਐੱਮ ਮੋਗਾ
ਮੋਗਾ, 21 ਜੂਨ
(ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੱਧੂ)
– ਅੰਤਰਰਾਸ਼ਟਰੀ ਯੋਗਾ ਦਿਵਸ ਸਬੰਧੀ ਅੱਜ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਆਈ ਐਸ ਐਫ ਕਾਲਜ ਵਿਖੇ ਕਰਾਇਆ ਗਿਆ, ਜਿਸ ਵਿਚ ਸ੍ਰ ਸਤਵੰਤ ਸਿੰਘ ਐੱਸ ਡੀ ਐੱਮ ਮੋਗਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਸ੍ਰ ਨਵਦੀਪ ਸਿੰਘ ਬਰਾੜ, ਕਾਲਜ ਪ੍ਰਬੰਧਕ ਸ਼੍ਰੀ ਪਰਵੀਨ ਕੁਮਾਰ, ਨਵਦੀਪ ਸਿੰਘ ਬਰਾੜ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ, ਸ਼੍ਰੀਮਤੀ ਨਿਰਮਲ ਕੁਮਾਰੀ ਥਾਪਾ ਸੀ ਡੀ ਪੀ ਓ ਮੋਗਾ 1, ਸੁਪਰਡੈਂਟ ਪਰਵੀਨ ਕੁਮਾਰ, ਡਾਕਟਰ ਭੁਪਿੰਦਰਪਾਲ ਸਿੰਘ ਗਿੱਲ ਆਯੁਰਵੈਦਿਕ ਮੈਡੀਕਲ ਅਫ਼ਸਰ ਅਤੇ ਹੋਰਾਂ ਨੇ ਭਾਗ ਲਿਆ ਅਤੇ ਯੋਗਾ ਕਿਰਿਆਵਾਂ ਕੀਤੀਆਂ। ਇਹ ਸਮਾਗਮ ਅਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ ਤਹਿਤ ਮਨਾਇਆ ਗਿਆ।
ਸੱਤਿਆ ਸਾਈਂ ਮੁਰਲੀਧਰ ਆਯੂਰਵੈਦਿਕ ਕਾਲਜ ਮੋਗਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ ਸਤਵੰਤ ਸਿੰਘ ਨੇ ਕਿਹਾ ਕਿ ਰੋਜ਼ਾਨਾ ਯੋਗਾ ਕਰਨ ਨਾਲ ਵਿਅਕਤੀ ਦਾ ਮਨ ਅਤੇ ਸਰੀਰ ਪੂਰੀ ਤਰ੍ਹਾਂ ਫਿੱਟ ਰਹਿੰਦਾ ਹੈ। ਯੋਗਾ ਭਾਰਤੀ ਸੰਸਕ੍ਰਿਤੀ ਦੀ ਸਰੀਰਕ ਕਸਰਤ ਦੀ ਪੁਰਾਤਨ ਵਿਧੀ ਹੈ, ਜੋ ਕਿ ਅੱਜ ਦੇ ਭੱਜ ਦੌੜ ਵਾਲੇ ਸਮੇਂ ਵਿੱਚ ਬਹੁਤ ਉਪਯੋਗੀ ਸਾਬਿਤ ਹੋ ਸਕਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਯੋਗ ਨੂੰ ਅਪਨਾਉਣਾ ਚਾਹੀਦਾ ਹੈ।
ਸਵੇਰੇ 7 ਵਜੇ ਤੋਂ 7:45 ਵਜੇ ਤੱਕ ਸਥਾਨਕ ਆਈ ਐਸ ਐਫ ਕਾਲਜ ਵਿਖੇ ਕਰਵਾਏ ਗਏ ਇਸ ਸਮਾਗਮ ਤੋਂ ਇਲਾਵਾ ਮੋਗਾ ਦੀ ਸਬ ਜੇਲ੍ਹ, ਸੈਸ਼ਨ ਕੋਰਟ, ਸ਼ਿਵ ਮੰਦਿਰ ਬਾਘਾਪੁਰਾਣਾ, ਗੁਰੂ ਗੋਬਿੰਦ ਸਿੰਘ ਸਟੇਡੀਅਮ ਨਿਹਾਲ ਸਿੰਘ ਵਾਲਾ, ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਭਿੰਡਰ ਕਲਾਂ ਵਿਖੇ ਵੀ ਸਰਕਾਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁਫ਼ਤ ਆਯੁਰਵੈਦਿਕ ਸਿਹਤ ਜਾਂਚ ਕੈਂਪ ਵੀ ਲਗਾਇਆ ਗਿਆ।