ਮੋਗਾ 21 ਮਈ (ਜਗਰਾਜ ਗਿੱਲ)
ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ, ਇੰਜ: ਮੋਹਨ ਲਾਲ ਸੂਦ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕਰੋਨਾ ਵਾਈਰਸ ਦੀ ਮਹਾਂਮਾਰੀ ਦੌਰਾਨ ਸਾਰੇ ਸੰਸਾਰ ਵਿਚ ਆਰਥਿਕ ਤੌਰ ਤੇ ਬਹੁਤ ਹੀ ਨਕਾਰਤਮਕ ਪ੍ਰਭਾਵ ਪਿਆ ਹੈ। ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਰੁਜਗਾਰ ਖੁਸ ਗਏ ਹਨ ਅਤੇ ਗਰੀਬ ਪਰਿਵਾਰਾਂ ਦੀ ਰੋਜ਼ੀ ਰੋਟੀ ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ।
ਪੰਜਾਬ ਰਾਜ ਵਿਚ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਜੀ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਤੇ ਤਹਿਤ ਅਨੁਸੂਚਿਤ ਜਾਤੀਆਂ ਦੇ ਗਰੀਬ ਪਰਿਵਾਰਾਂ ਨੂੰ ਆਪੋਂ ਆਪਣਾ ਰੁਜਗਾਰ ਸਥਾਪਤ ਕਰਨ ਲਈ ਬੈਂਕ ਟਾਈ ਅਪ ਸਕੀਮ ਤਹਿਤ 1404 ਲਾਭਪਾਤਰੀਆਂ ਨੂੰ ਆਪਣਾ ਰੁਜਗਾਰ ਸਥਾਪਤ ਕਰਨ ਲਈ 140.40 ਲੱਖ ਰੁ: ਦੀ ਸਬਸਿਡੀ ਜਾਰੀ ਕਰ ਦਿੱਤੀ ਗਈ ਹੈ ਅਤੇ ਸਬੰਧਤ ਜਿਲਾ ਮੈਨੇਜਰਾਂ ਨੂੰ ਜਲਦੀ ਤੋਂ ਜਲਦੀ ਇਹ ਸਬਸਿਡੀ ਸਬੰਧਤ ਲਾਭਪਾਤਰੀਆਂ ਦੇ ਖਾਤੇ ਵਿਚ ਪਾਉਣ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਜਿਸ ਨਾਲ ਇਨਾਂ ਵਿਅਕਤੀਆਂ ਨੂੰ ਆਉਣ ਵਾਲੇ ਕੁਝ ਦਿਨਾਂ ਵਿਚ ਆਪੋਂ ਆਪਣਾ ਬਿਜਨਸ ਸ਼ੁਰੂ ਕਰਨ ਲਈ ਲੱਗਭੱਗ 8 ਤੋਂ 9 ਕਰੋੜ ਰੁਪਏ ਦਾ ਕਰਜਾ ਬੈਂਕਾਂ ਦੁਆਰਾ ਪ੍ਰਾਪਤ ਹੋ ਜਾਵੇਗਾ ਜੋ ਕਿ ਅਜਿਹੀ ਮਹਾਮਾਰੀ ਦੇ ਸਮੇਂ ਇਕ ਬਹੁਤ ਵੱਡੀ ਰਾਹਤ ਦੇਣ ਵਾਲੀ ਕਾਰਵਾਈ ਹੈ।
ਇੰਜ: ਮੋਹਨ ਲਾਲ ਸੂਦ ਨੇ ਇਹ ਵੀ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਕਾਰਪੋਰੇਸਨ ਵਲੋਂ ਆਪਣੀਆਂ ਹੋਰ ਸਕੀਮਾਂ ਅਧੀਨ ਵੀ ਸਾਲ 2019-20 ਦੌਰਾਨ 1235.24 ਲੱਖ ਰੁਪਏ ਦੇ ਕਰਜੇ ਮਨਜੂਰ ਕੀਤੇ ਗਏ ਸਨ ਜਿਨਾਂ ਵਿਚੋਂ 911.33 ਲੱਖ ਰੁਪਏ ਦੇ ਕਰਜੇ ਸਬੰਧਤ ਲਾਭਪਾਤਰੀਆਂ ਨੂੰ ਵੰਡੇ ਜਾ ਚੁੱਕੇ ਸਨ ਪਰ ਮਾਰਚ ਮਹੀਨੇ ਵਿਚ ਕਰੋਨਾ ਵਾਈਰਸ ਦੀ ਮਹਾਮਾਰੀ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਕਾਰਨ ਬਾਕੀ ਦੇ ਕਰਜੇ ਵੰਡੇ ਜਾਣੇ ਰਹਿ ਗਏ ਸਨ ਹੁਣ ਪੰਜਾਬ ਸਰਕਾਰ ਵਲੋਂ ਕਰਫਿਊ ਹਟਾਉਣ ਉਪਰੰਤ ਜੋ ਕੰਮ ਧੰਦੇ ਸੁਰੂ ਕਰਨ ਦੀ ਛੋਟ ਦਿੱਤੀ ਗਈ ਹੈ ਦੇ ਮੱਦੇਨਜਰ ਕਾਰਪੋਰੇਸਨ ਵਲੋਂ ਜਲਦੀ ਹੀ ਬਾਕੀ ਰਹਿੰਦੇ 323.91 ਲੱਖ ਰੁਪਏ ਦੇ ਕਰਜਿਆਂ ਵਿਚ ਅਦਾਇਗੀ ਕਰਨ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਜੋ ਕਿ ਜਲਦੀ ਹੀ ਅਦਾ ਕਰ ਦਿੱਤੇ ਜਾਣਗੇ।
ਚੇਅਰਮੈਨ ਵਲੋਂ ਕਾਰਪੋਰੇਸਨ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਭਾਵਨਾ ਦੀ ਵੀ ਸਰਾਹਨਾ ਕੀਤੀ ਗਈ ਜਿਸ ਕਾਰਨ ਕਰੋਨਾ ਦੀ ਮਹਾਂਮਾਰੀ ਦੇ ਦੌਰਾਨ ਵੀ ਕਾਰਪੋਰੇਸਨ ਦੇ ਸਮੁੱਚੇ ਸਟਾਫ ਵਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੀਮਾਰੀ ਤੋਂ ਇਹਤਿਆਤ ਵਰਤਦੇ ਹੋਏ ਔਖੇ ਸਮੇਂ ਵਿਚ ਵੀ ਕਰੋਨਾ ਯੋਧਿਆਂ ਵਾਂਗ ਕੰਮ ਕਰਕੇ ਅਨੁਸੂਚਿਤ ਜਾਤੀਆਂ ਦੇ ਗਰੀਬ ਲੋਕਾਂ ਨੂੰ ਸਵੈ ਰੁਜਗਾਰ ਮੁਹੱਈਆ ਕਰਵਾਉਣ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕਿਆ ਹੈ। ਇਸ ਮੌਕੇ ਜ਼ਿਲਾ ਮੋਗਾ ਦੇ ਮਨੈਜਰ ਹੁਕਮ ਚੰਦ ਅਗਰਵਾਲ ਨੇ ਸਰਕਾਰ ਦੇ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਅਨੂਸੁਚਿਤ ਜਾਤੀ ਨਾਲ ਸਬੰਧਤ ਲੋਕਾਂ ਨੂੰ ਕਾਫੀ ਲਾਭ ਮਿਲੇਗਾ ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜਿਲ੍ਹਾ ਮੋਗਾ ਦੇ ਦਫਤਰ ਸੰਪਰਕ ਕੀਤਾ ਜਾ ਸਕਦਾ ਹੈ। ਇਹ ਦਫਤਰ ਮੋਗਾ ਵਿੱਚ ਡਾਕਟਰ ਅੰਬੇਦਕਰ ਭਵਨ ਵਿਖੇ ਸਥਿਤ ਹੈ ।